Showing posts with label ਸੁਨਣ. Show all posts
Showing posts with label ਸੁਨਣ. Show all posts

🔱🚩ਕਹਿਣ ਸੁਨਣ ਦਾ ਸੱਚ🚩🔱 @ ✒GBG⚔

1.  ਸੈਂਕੜੇ ਕਹਿਣ ਵਾਲੇ ਕਹਿ ਕੇ ਤੁਰ ਗਏ। ਹਜ਼ਾਰਾਂ ਸੁਨਣ ਵਾਲੇ ਸੁਣ ਕੇ ਮੰਨ ਗਏ, ਲੱਖਾਂ ਸੁਣ ਕੇ ਕਹਿਣ ਵਾਲੇ ਨੂੰ ਮੱਥੇ ਟੇਕਣ ਵਿੱਚ ਰੁੱਝ ਗਏ, ਕਹਿਣ ਵਾਲੇ ਨੂੰ ਹੀ ਰੱਬ ਬਣਾ ਦਿੱਤਾ, ਹਜ਼ਾਰਾਂ ਨੇ ਸੁਣੀ ਅਣਸੁਣੀ ਕਰ ਤੀ, ਲੇਕਿਨ  ਦੁਨੀਆ ਅੱਜ ਵੀ  ਉੱਥੇ ਹੀ ਖੜੀ ਹੈ।

2    ਹੱਡਾ ਰੋੜੀ ਤੇ ਲੜਦੇ ਕੁੱਤੇ, ਤੇ ਜਮੀਨ, ਜਯਦਾਦ ਲਈ ਲੜਦੇ ਬੰਦੇ,  ਆਪਣੇ ਟੋਲੇ ਲਈ ਲੜਦੇ ਜਾਨਵਰ, ਆਪਣੇ ਧਰਮ ਲਈ ਲੜਦੇ ਬੰਦੇ, ਇਹਨਾਂ ਵਿੱਚ ਕੋਈ ਫਰਕ ਨਹੀਂ।  ਇੰਸਾਨ ਦੇ ਝਗੜੇ ਝੇੜੇ, ਜਾਰੀ ਨੇ, ਦੁਨੀਆ ਦੇ ਸਮਾਨ ਵਿੱਚ ਰੁੱਝੇ ਬੰਦਿਆਂ ਦੀ ਆਪਸੀ ਧੱਕਮਧੱਕ ਜਾਰੀ ਹੈ, ਮਸਲੇ ਜਾਰੀ ਨੇ,  ਇਹਨਾਂ ਨੂੰ ਨਜਿੱਠਣ ਦਾ ਸਾਮਾਨ ਵੀ ਟੁੱਟਦਾ ਬਣਦਾ ਰਹੇ ਗਾ।

3.   ਸੈਂਕੜੇ ਕਹਿਣ ਵਾਲੇ ਕਹ ਕੇ ਤੁਰ ਗਏ, ਵਪਾਰੀ ਪੁਜਾਰੀਆਂ ਨੇ ਉਹਨਾਂ ਦੇ  ਕਹਿਣੇ ਨੂੰ ਕਿਤਾਬਾਂ ਵਿੱਚ ਨੱਥੀ ਕਰ ਕੇ ਆਪੋ ਆਪਦੀਆਂ ਦੁਕਾਨਾਂ ਚਲਾ ਲਈਆਂ। ਇਹਨਾਂ ਕਹਿਣ ਵਾਲੀਆਂ ਦੀ ਕਹਿ ਗੱਲਬਾਤ ਦੇ ਇਰਦ ਗਿਰਦ ਆਪਣੇ ਆਪਣੇ ਪੰਥ,  ਹਾਈਵੇਅ ਬਣਾ ਲਏ,  ਓਹਨਾਂ ਤੇ ਮੰਦਿਰ ਮਸਜਿਦ ਦੇ ਟੋਲ ਪਲਾਜ਼ੇ ਲਾ ਲਏ, ਯਾਨੀ ਵਸੂਲੀ ਦੇ ਅੱਡੇ ਬਣਾ ਲਏ।

4.   ਕਹਿਣ ਸੁਨਣ ਦਾ  ਸਿਲਸਿਲਾ ਪੁਰਾਤਨ ਰਿਸ਼ੀਆਂ ਤੋਂ ਹੁੰਦਾ ਹੋਇਆ, ਬੁੱਧ, ਕਬੀਰ, ਨਾਨਕ, ਓਸ਼ੋ, ਅਤੇ ਕਿੰਨੇ ਹੋਰ ਪਾਣੀਆਂ ਦਾ ਸਨਾਤਨ ਵਗਦਾ ਦਰਿਆ ਹੈ।। ਨਾਨਕ  ਵੀ ਕਹਿਣ ਵਾਲਿਆਂ ਚੋਂ ਹੀ ਇੱਕ ਸੀ, ਕਿਸੇ ਨੇ ਸੁਣੀ, ਕਿਸੇ ਨੇ ਸੁਣ ਕੇ ਕਿਰਤ ਕਮਾਈ, ਬਾਕੀਆਂ ਨੇ ਮੱਥੇ ਟੇਕ ਕੇ ਹੀ ਅਪਣਾ ਆਪਣਾ ਦਿਲ ਪਰਚਾਇਆ।

5.   ਬੁੱਧ, ਮਹਾਂਵੀਰ, ਜੀਸਸ, ਉਪਨਿਸ਼ਦ ਦੇ ਰਿਸ਼ੀ, ਕਬੀਰ,  ਸਾਰੇ   ਹੀ ਨਾਨਕ ਤੋਂ ਪਹਿਲਾਂ ਕਹਿ ਗਏ, ਫੇਰ ਵੀ ਨਾਨਕ ਨੂੰ ਕਹਿਣਾ ਪਿਆ। ਕਿਸੇ ਨੇ ਸੁਣੀ, ਕਿਸੇ ਨੇ ਨਹੀਂ।

6.   ਅਜ਼ੀਜ਼ ਮਿਆਂ ਵਰਗੇ ਆਪਣੀ ਕੱਵਾਲੀ ਰਾਹੀਂ,  ਮਿਆਂ ਮੋਹੰਮਦ ਬਖ਼ਸ਼ ਵਰਗੇ ਆਪਣੀ ਸੁਖਨ ਰਾਹੀਂ, ਓਸ਼ੋ ਵਰਗੇ ਪ੍ਰਵਚਨ ਰਾਹੀਂ, ਕ੍ਰਿਸ਼ਨਾਮੂਰਤੀ ਵਰਗੇ ਬਹੁਤ ਕੁਜ ਬੜੇ ਸਲੀਕੇ ਨਾਲ ਕਹਿ ਗਏ, ਕਿਸੇ ਨੇ ਸੁਣੀ, ਕਿਸੇ ਨੇ ਨਹੀਂ ਵੀ  ਸੁਣੀ।  ਕਿਸੇ ਨੇ ਤਾਂ ਆਪਣੇ ਪੁਰਾਣੇ ਧਾਰਮਿਕ ਪੂਰਵਗ੍ਰਿਹ ਦੇ ਚਲਦੇ, ਇਹਨਾਂ ਜਾਗ੍ਰਿਤ ਪੁਰਸ਼ਾ ਨੂੰ ਸੁਣਨ ਤੋਂ ਹੀ ਇਨਕਾਰ ਕਰ ਦਿੱਤਾ।

7.   ਯਾਨੀ ਕਹਿਣ ਵਾਲੇ ਆਉਂਦੇ ਰਹੇ ਹਣ,  ਆਉਂਦੇ ਰਹਿਣ ਗੇ, ਇਹ ਸਿਲਸਿਲਾ ਜਾਰੀ ਰਹੇ ਗਾ। ਕੋਈ ਕਹਿਣ ਵਾਲਾ, ਕੋਈ ਗੁਰੂ, ਕੋਈ ਉਸਤਾਦ ਆਖਿਰੀ ਨਹੀਂ, ਅੱਵਲ ਨਹੀਂ, ਸਿਲਸਿਲਾ ਜਾਰੀ ਰਹੇ ਗਾ।

8.   ਇਹ ਕਹਿਣਾ ਸੁਣਨਾ,  ਰੋਜ ਖੁੱਦ ਹੀ ਗੁੰਮ ਹੋ ਕੇ ਖੁੱਦ ਹੀ ਗੁੰਮਸ਼ੁਦਾ ਦੀ ਤਲਾਸ਼ ਕਰਦੀ ਮਾਨਵਤਾ ਦੀ ਜਰੂਰਤ ਹੈ।   ਇਸ ਲਈ ਆਪਣੇ ਧਰਮ ਨੂੰ, ਆਪਣੇ ਪੀਰ ਨੂੰ, ਗੁਰੂ ਨੂੰ ਅਖੀਰੀ ਦੱਸਣ ਤੇ ਜ਼ੋਰ ਦੇਣਾ ਛੱਡੋ, ਇਹ ਰਵੱਈਆ ਕੌੜੀ ਮੁੱਲ ਨਹੀਂ ਪੈਣ ਦਿੰਦਾ ਮੁਰਸ਼ਿਦ ਦਾ।

9.   ਸੱਚ ਕਹਿਣ ਵਾਲੇ ਸਾਰੇ ਹੀ ਚੰਗੇ ਨੇ।  ਕੌਣ ਕਿੰਵੇ, ਕਿੱਥੇ, ਕਿਸ ਭਾਸ਼ਾ ਵਿੱਚ, ਕਿਸ ਵੇਸ਼ਭੂਸ਼ਾ ਵਿੱਚ ਕਹਿ ਰਿਹਾ ਹੈ,  ਕੋਈ ਏਮਪੋਰਟੈਂਟ ਨਹੀਂ।   ਜੇਕਰ ਸੱਚ ਕਹਿ ਰਿਹਾ ਹੈ, ਤਾਂ  ਏਮਪੋਰਟੈਂਟ ਹੈ, ਅਤੇ ਉਸ ਤੋਂ ਵੀ ਏਮਪੋਰਟੈਂਟ ਹੈ ਕਿ ਕਿਆ ਕੋਈ ਉਸ ਨੂੰ ਸੁਣ ਵੀ ਰਿਹਾ ਹੈ।

10.   ਥਾਂ ਥਾਂ ਲਾਊਡਸਪੀਕਰ ਲਾ ਕੇ ਗੁਰੂਆਂ ਪੀਰਾਂ ਦੀ ਗੱਲ ਨੂੰ ਜਬਰਦਸਤੀ ਸੁਨਾਉਣ ਨਾਲੋਂ ਜਿਆਦਾ ਕੀਮਤੀ ਹੈ, ਮੁਰਸ਼ਿਦ ਦੀ ਦੱਸੀ ਰਾਹ ਫੜਨੀ।

11.  ਇਹ ਅਟੱਲ ਸੱਚ ਹੈ ਕਿ ਕੋਈ ਮੁਰਸ਼ਿਦ ਅਖੀਰੀ ਨਹੀਂ, ਜੇਕਰ ਹੁੰਦਾ ਤਾਂ ਸੰਸਾਰ ਵਿੱਚ ਇਤਨਾ ਘੜਸੰਮ ਕਿਉਂ ਪੈਂਦਾ। ਇਹ ਬਾਰ ਬਾਰ  ਪੈਂਦਾ  ਘੜਸੰਮ ਇਸ ਗੱਲ ਵੱਲ ਇਸ਼ਾਰਾ ਹੈ, ਕਿ ਬੰਦੇ ਨੂੰ ਬੰਦਾ ਬਣਨ ਦੀ ਜਰੂਰਤ ਅੱਜ ਵੀ ਉਤਨੀ ਹੀ ਹੈ, ਜਿਤਨੀ ਪਹਿਲਾਂ ਆਦਿ ਕਾਲ ਵਿੱਚ ਸੀ, ਸੋ ਮੁਰਸ਼ਿਦਾ ਦਾ ਆਉਣਾ ਜਾਣਾ ਜਾਰੀ ਰਹੇ ਗਾ।   ਕਹਿਣਾ ਅਤੇ ਸੁਣਨਾ, ਕੁਜ ਵੀ ਨਾ ਕਹਿਣਾ,  ਸੁਣ ਕੇ ਨਾ ਸੁਣਨਾ, ਸੁਣ ਕੇ ਰਾਹ ਪੈਣਾ, ਜਾਂ ਸੁਣ ਕੇ ਮੱਥਾ ਟੇਕ ਕੇ ਫਿਰ ਕੁਰਾਹੇ ਪੈ ਜਾਣਾ, ਯਾ ਠੀਕ ਰਸਤੇ ਪੈਣਾ,  ਇਹ ਸਿਲਸਿਲਾ ਜਾਰੀ ਰਹੇ ਗਾ।

12.  ਇੰਸਾਨ ਦੇ ਸਵਾਲ ਸਨਾਤਨ  ਹਣ। ਇਹਨਾਂ ਦੇ ਜਵਾਬ ਵੀ ਸਨਾਤਨ ਵਿਧੀ ਨਾਲ ਹੀ ਲਭੇ ਜਾ ਸਕਦੇ ਹਨ। ਸਨਾਤਨ, ਯਾਨੀ ਹਮੇਸ਼ਾਂ ਬਦਲਣ ਅਤੇ ਇੰਪਰੂਵ ਹੋਵਣ ਲਈ ਰਾਜ਼ੀ, ਯਾਨੀ always ready for improvement,  ਯਾਨੀ KAIZEN ਦੀ ਵਿਧੀ ਹੈ।

13.  ਜਿਉਂਦੇ ਬੰਦੇ ਦੀ ਅਤੇ ਉਸ ਦੀਆਂ ਦਸਿਆਂ ਸੱਚੀਆਂ ਗੱਲਾਂ ਦੀ ਬੇਕਦਰੀ ਕਰਨ ਵਾਲੇ, ਅਤੇ ਮੋਇਆਂ ਦੀ ਮਜ਼ਾਰਾਂ ਤੇ ਮੱਥੇ ਟੇਕਣ ਵਾਲੇ ਲੋਗ ਇਹ ਨਹੀਂ ਸਮਝਣ ਗੇ।

14.    ਲੋਕ ਤਾਂ ਜ਼ਮੀਨ ਜਯਦਾਦ, ਪੈਸੇ ਲੱਤੇ ਦੇ ਲਾਲਚ ਵਿੱਚ, ਵਿਦੇਸ਼ਾਂ ਦੇ ਵਿਜ਼ੇ ਲਗਣ ਦੀ ਉੱਮੀਦ ਵਿੱਚ, ਰਿਸ਼ਤਿਆਂ ਨੂੰ ਸ਼ਹੀਦ ਕਰ ਕੇ ਸ਼ਹੀਦਾਂ ਦੇ ਗੁਰੂਦਵਾਰਿਆਂ ਤੇ ਮੱਥੇ ਰਗੜਦੇ ਫ਼ਿਰਦੇ ਨੇ। ਇਹੋ ਜਹੇ ਲੋਕਾਂ  ਦਾ ਧਾਰਮਿਕ ਹੋਣ ਦਾ ਪੈਂਡਾ ਹਜੇ ਲੰਬਾ ਹੈ। ਓਹਨਾਂ ਦੇ ਧਾਰਮਿਕ ਹੋਣ ਦਾ ਤਾਂ ਹਜੇ ਸਵਾਲ ਹੀ ਪੈਦਾ ਨਹੀਂ ਹੁੰਦਾ।  ਓਹਨਾਂ ਦਾ ਤਾਂ ਹਜੇ ਬੰਦੇ ਬਣਨ ਦਾ ਸਫ਼ਰ ਹੀ ਪੂਰਾ ਨਹੀਂ ਹੋਇਆ। 
🔱 ਸਤੱਯ ਹੀ ਸ਼ਿਵ ਹੈ, ਅਕਾਲ ਹੈ🔱
✒ਗੁਰੂ ਬਲਵੰਤ ਗੁਰਨੇ⚔